6th STATE LEVEL MEGA JOB FAIRS TO BE HELD IN SEPTEMBER, TARGET TO PROVIDE EMPLOYMENT TO 50 THOUSAND YOUTH: CHANNI
ਇੰਡੀਆ ਨਿਊਜ਼ ਸੈਂਟਰ ਚੰਡੀਗੜ: ਪੰਜਾਬ ਸਰਕਾਰ ਨੇ ਆਪਣੀ ਪ੍ਰਮੁੱਖ ਸਕੀਮ ‘ਘਰ ਘਰ ਰੋਜਗਾਰ ਯੋਜਨਾ’ ਤਹਿਤ ਸੂਬੇ ਭਰ ਵਿੱਚ 24 ਸਤੰਬਰ, 2020 ਤੋਂ 30 ਸਤੰਬਰ, 2020 ਤੱਕ 6ਵਾਂ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲਾ ਲਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਪੰਜਾਬ ਦੇ ਰੋਜ਼ਗਾਰ ਉੱਤਪਤੀ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਵਿਡ-19 ਸਬੰਧੀ ਜਾਰੀ ਦਿਸ਼ਾ ਨਿਰਦੇਸਾਂ ਦੀ ਪਾਲਣਾ ਕਰਦਿਆਂ ਰੋਜ਼ਗਾਰ ਮੇਲਿਆਂ ਰਾਹੀਂ ਸਾਰੇ ਜ਼ਿਲਿਆਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ। ਉਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਇਸ ਸਾਲ ਇਨਾਂ ਰੋਜ਼ਗਾਰ ਮੇਲਿਆਂ ਲਈ ਵਰਚੁਅਲ ਅਤੇ ਫਿਜ਼ੀਕਲ ਦੋਵੇਂ ਪਲੇਟਫਾਰਮ ਵਰਤੇ ਜਾਣਗੇ।
ਰੋਜ਼ਗਾਰ ਉੱਤਪਤੀ ਮੰਤਰੀ ਨੇ ਕਿਹਾ ਕਿ ਰੋਜ਼ਗਾਰ ਮੇਲੇ ਲਗਾਉਣ ਲਈ ਜ਼ਿਲਾ ਪ੍ਰਸਾਸਨ ਵੱਲੋਂ ਸਿਰਫ ਅਜਿਹੇ ਸਥਾਨਾਂ ਦੀ ਚੋਣ ਕੀਤੀ ਜਾਏਗੀ, ਜਿੱਥੇ ਕੋਵਿਡ-19 ਸਬੰਧੀ ਜਾਰੀ ਪ੍ਰੋਟੋਕੋਲਾਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਰੋਜਗਾਰ ਮੇਲੇ ਵਾਲੀ ਥਾਂ ’ਤੇ ਇੱਕ ਵਿਸ਼ੇਸ਼ ਸਮੇਂ ’ਤੇ ਮੌਜੂਦ ਰਹਿਣ ਵਾਲੇ ਉਮੀਦਵਾਰਾਂ/ਲੋਕਾਂ ਦੀ ਗਿਣਤੀ ਕੋਵਿਡ-19 ਸਬੰਧੀ ਜਾਰੀ ਦਿਸਾ ਨਿਰਦੇਸਾਂ ਨੂੰ ਧਿਆਨ ਵਿੱਚ ਰੱਖਦਿਆਂ ਨਿਰਧਾਰਤ ਕੀਤੀ ਜਾਵੇਗੀ। ਜੇਕਰ ਕੋਵਿਡ-19 ਦੇ ਕਾਰਨ ਹਾਲਾਤ ਵਿਗੜਦੇ ਹਨ ਅਤੇ ਰੋਜ਼ਗਾਰ ਮੇਲਾ ਲਗਾਉਣਾ ਅਸੰਭਵ ਜਾਪਦਾ ਹੈ ਤਾਂ ਸ਼ੁਰੂਆਤੀ ਆਨਲਾਈਨ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ ਅਤੇ ਉਮੀਦਵਾਰਾਂ ਨੂੰ ਨਿੱਜੀ ਤੌਰ ’ਤੇ ਬੁਲਾਉਣ ਦੀ ਪ੍ਰਕਿਰਿਆ ਕੋਵਿਡ-19 ਸੰਕਟ ਟਲਣ ਤੋਂ ਬਾਅਦ ਵਿੱਚ ਕੀਤੀ ਜਾਵੇਗੀ।
ਚੰਨੀ ਨੇ ਦੱਸਿਆ ਕਿ ਵਿਭਾਗ ਨੂੰ ਇਸ ਸਾਲ ਕਰਵਾਏ ਜਾਣ ਵਾਲੇ ਰੋਜ਼ਗਾਰ ਮੇਲਿਆਂ ਲਈ 75,000 ਨੌਕਰੀਆਂ ਦੀ ਵਿਵਸਥਾ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨਾਂ ਕਿਹਾ ਕਿ ਵਿਭਾਗ ਦੇ ਅਧਿਕਾਰੀ ਰਾਜ, ਹੋਰਨਾਂ ਰਾਜਾਂ ਅਤੇ ਅੰਤਰਰਾਸਟਰੀ ਪੱਧਰ ’ਤੇ ਨਿੱਜੀ ਖੇਤਰ ਵਿਚਲੇ ਨਿਯੋਜਕਾਂ ਤੱਕ ਪਹੁੰਚ ਕਰਨਗੇ। ਨਿਯੋਜਕਾਂ ਤੋਂ ਵੇਰਵੇ ਇਕੱਤਰ ਕੀਤੇ ਜਾਣਗੇ ਕਿ ਉਹ ਵਰਚੁਅਲ ਇੰਟਰਵਿਊ/ਸਮੂਹ ਵਿੱਚ ਵਿਚਾਰ-ਵਟਾਂਦਰੇ, ਆਨਲਾਈਨ ਟੈਸਟ ਆਦਿ ਕਰਨਾ ਚਾਹੁੰਦੇ ਹਨ ਜਾਂ ਫਿਜ਼ੀਕਲ ਇੰਟਰਵਿਊ/ਸਮੂਹ ਵਿੱਚ ਵਿਚਾਰ ਵਟਾਂਦਰੇ/ਟੈਸਟ ਆਦਿ ਜਾਂ ਦੋਵਾਂ ਦਾ ਸੁਮੇਲ ਚਾਹੁੰਦੇ ਹਨ। ਜ਼ਿਲਾ ਰੋਜ਼ਗਾਰ ਅਤੇ ਉੱਦਮ ਬਿਊਰੋ ਆਨਲਾਈਨ ਇੰਟਰਵਿਊ ਦੇ ਮਾਮਲੇ ਵਿੱਚ ਨਿਯੋਜਕਾਂ ਅਤੇ ਨੌਕਰੀ ਤਲਾਸ਼ ਰਹੇ ਨੌਜਵਾਨਾਂ ਨੂੰ ਵੱਖ-ਵੱਖ ਡਿਜੀਟਲ ਪਲੇਟਫਾਰਮਾਂ ਦੀ ਵਰਤੋਂ ਸਬੰਧੀ ਜਾਣਕਾਰੀ ਪ੍ਰਦਾਨ ਦੇਣਗੇ। ਉਮੀਦਵਾਰ ਅਤੇ ਨਿਯੋਜਕ ਜਿਨਾਂ ਕੋਲ ਆਨਲਾਈਨ ਇੰਟਰਵਿਊ ਲਈ ਸਾਧਨ/ਟੈਕਨੋਲੋਜੀ ਨਹੀਂ ਹੈ, ਉਨਾਂ ਨੂੰ ਕੋਵਿਡ -19 ਦੇ ਪ੍ਰੋਟੋਕੋਲ ਅਨੁਸਾਰ ਜ਼ਿਲਾ ਰੋਜ਼ਗਰ ਅਤੇ ਉੱਦਮ ਬਿਊਰੋ ਦੇ ਦਫਤਰ ਵਿਖੇ ਅਜਿਹੀਆਂ ਇੰਟਰਵਿਊ ਸਬੰਧੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ।
ਮੰਤਰੀ ਨੇ ਇਹ ਵੀ ਕਿਹਾ ਕਿ ਜ਼ਿਲਾ ਰੋਜ਼ਗਾਰ ਅਤੇ ਉੱਦਮ ਬਿਊਰੋ ਵੱਲੋਂ ਨੌਕਰੀ ਤਲਾਸ਼ ਰਹੇ ਘੱਟੋ ਘੱਟ 1,50,000 ਨੌਜਵਾਨਾਂ ਨੂੰ ਰੋਜ਼ਗਾਰ ਮੇਲਿਆਂ ਵਿੱਚ ਸ਼ਾਮਲ ਹੋਣ ਸਬੰਧੀ ਵਿਭਾਗ ਦੇ ਪੋਰਟਲ ’ਤੇ ਰਜਿਸਟਰ ਕਰਨ ਲਈ ਜਾਗਰੂਕ ਅਤੇ ਪ੍ਰੇਰਿਤ ਕੀਤਾ ਜਾਵੇਗਾ। ਉਨਾਂ ਅੱਗੇ ਕਿਹਾ ਕਿ ਸੂਬਾ ਪੱਧਰੀ ਸਵੈ-ਰੁਜ਼ਗਾਰ ਜਾਗਰੂਕਤਾ ਮੁਹਿੰਮ ਵੀ ਅਕਤੂਬਰ, 2020 ਦੇ ਮਹੀਨੇ ਵਿੱਚ ਚਲਾਈ ਜਾਏਗੀ। ਇਸ ਮੁਹਿੰਮ ਦੌਰਾਨ ਸਵੈ ਰੁਜਗਾਰ ਲਈ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਰੋਜ਼ਗਾਰ ਉੱਤਪਤੀ ਵਿਭਾਗ ਦੇ ਸਕੱਤਰ ਸ੍ਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਨੌਕਰੀ ਭਾਲ ਕਰ ਰਹੇ ਨੌਜਵਾਨਾਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ 28 ਅਗਸਤ, 2020 ਤੋਂ ਸੁਰੂ ਹੋਵੇਗੀ।ੇ ਇਸ ਸਬੰਧੀ ਆਨਲਾਈਨ ਅਪਲਾਈ ਕਰਨ ਦੀ ਆਖਰੀ ਤਰੀਕ 15 ਸਤੰਬਰ, 2020 ਹੈ। ਉਨਾਂ ਅੱਗੇ ਕਿਹਾ ਕਿ ਨੌਕਰੀ ਤਲਾਸ਼ ਰਹੇ ਨੌਜਵਾਨਾਂ ਅਤੇ ਨਿਯੋਜਕਾਂ ਪਾਸੋਂ ਇਕੱਤਰ ਕੀਤੇ ਨੌਕਰੀਆਂ ਦੇ ਸਾਰੇ ਵੇਰਵੇ .. ਪੋਰਟਲ ’ਤੇ ਉਪਲਬਧ ਕਰਵਾਏ ਜਾਣਗੇ।